ਨਕੋਦਰ ਵਿਖੇ 4 ਫਰਵਰੀ, 1986 ਨੂੰ ਚਾਰ ਨਿਰਦੋਸ਼ ਗੁਰਸਿੱਖ ਨੌਜਵਾਨਾਂ ਨੂੰ ਬਰਨਾਲਾ ਸਰਕਾਰ ਨੇ ਉਸ ਵੇਲੇ ਪੁਲਿਸ ਗੋਲੀਬਾਰੀ ਕਰਵਾਕੇ ਸ਼ਹੀਦ ਕਰਵਾ ਦਿੱਤਾ ਸੀ ਜਦੋਂ ਉਹ ਪੁਰਨਅਮਨ ਤਰੀਕੇ ਨਾਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਗਨ ਭੇਂਟ ਕੀਤੇ ਸਰੂਪਾਂ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੇ ਸਨ। 25 ਸਾਲ ਬੀਤ ਜਾਣ ਦੇ ਬਾਵਜੂਦ ਉਪਰੋਕਤ ਚਾਰ ਸਿੱਖ ਨੌਜਵਾਨਾ ਦੇ ਕਾਤਲ ਪੁਲਿਸ ਅਧਿਕਾਰੀਆ ਖਿਲਾਫ ਜਸਟਿਸ ਗੁਰਨਾਮ ਸਿੰਘ ਵੱਲੋਂ ਕੀਤੀ ਇਨਕੁਆਰੀ ਵਿਚ ਦੋਸ਼ੀ ਪਾਏ ਜਾਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਪਿਛਲੀ ਸਦੀ ਦੇ ਅੱਸੀਵਿਆਂ ਤੇ ਨੱਬੇਵਿਆਂ ਦੌਰਾਨ ਪੰਜਾਬ ਵਿੱਚ ਵੱਡੀ ਪੱਧਰ ਉੱਤੇ ਫਰਜੀ ਪੁਲਿਸ ਮੁਕਬਲਿਆਂ, ਬੇਲੋੜੀ ਪੁਲਿਸ ਫਾਇਰੰਗ, ਜ਼ਬਰੀ ਲਾਪਤਾ ਕਰਨ ਦੀਆਂ ਕਾਰਵਾਈਆਂ ਤੇ ਗੈਰ-ਕਾਨੂੰਨੀ ਹਿਰਾਸਤ ਦੀਆਂ ਕਾਰਵਾਈਆਂ ਰਾਹੀਂ ਸਿੱਖ ਨੌਜਵਾਨੀ ਦਾ ਘਾਣ ਕੀਤਾ ਗਿਆ ਹੈ, ਪਰ ਅੱਜ ਤੱਕ ਇਸ ਸੰਬੰਧੀ ਕੋਈ ਵੀ ਵਿਆਪਕ ਜਾਂਚ ਨਹੀਂ ਹੋ ਸਕੀ। ਬਲਕਿ ਜਿਨ੍ਹਾਂ ਕੁਝ ਕੇਸਾਂ ਵਿੱਚ ਜਾਂਚ ਹੋਈ ਵੀ ਹੈ, ਉਸ ਦੀ ਨਾ ਤਾਂ ਰਿਪੋਰਟ ਜਨਤਕ ਹੀ ਕੀਤੀ ਗਈ ਤੇ ਨਾ ਹੀ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ।