ਉਪੱਰੋਂ ਹਰ ਇਕ ਸ਼ਖਸ਼ ਪਿਆਰਾ ਲੱਗਦਾ ਏ। ਅੰਦਰੋਂ ਸਬ ਕੁਝ ਸ਼ਾਹੂਕਾਰਾ ਲੱਗਦਾ ਏ। ਨਵੀਂ ਆਸ ਵਿਚ ਰੋਜ਼ ਸਵੇਰੇ ਉੱਠਦੇ ਹਾਂ, ਹਰ ਦਿਨ ਪਿਛਲੇ ਤੋਂ ਵੀ ਭਾਰਾ ਲੱਗਦਾ ਏ। ਕੱਲ੍ਹ ਜਿਹੜਾ ਗਲਕੰਦ ਤੋਂ ਮਿੱਠਾ ਲੱਗਦਾ ਸੀ, ਉਸ ਦਾ ਅੱਜ ਹਰ ਬੋਲ ਵੀ ਖਾਰਾ ਲੱਗਦਾ ਏ। ਝੂਠ ਨੇ ਸੱਚ ਨੂੰ ਐਨੀ ਵਾਰੀ ਲੁੱਟਿਆ ਏ, ਸ਼ੱਚ ਸੁਣਾਂ ਤਾਂ ਹੁਣ ਉਹ ਲਾਰਾ ਲੱਗਦਾ ਏ। ਸੁੱਕੇ,ਪਿਆਸੇ,ਛਾਂਗੇ ਹੋਏ ਰੁੱਖਾਂ ਨੂੰ, ਹਰ ਬੰਦਾ ਹੀ ਲੱਕੜਹਾਰਾ ਲੱਗਦਾ ਏ। ਜਿਸ ਦੇ ਬੋਲਾਂ ਦੇ ਵਿਚ ਸੂਰਜ ਦਗਦਾ ਸੀ, ਅੱਜ ਉਹ ਬੁਝਿਆ ਹੋਇਆ ਤਾਰਾ ਲੱਗਦਾ ਹੈ। ਜੀਵਣ ਦੀ ਜਦ ਸ਼ਾਮ ਪਈ ਤਾਂ ਬੰਦੇ ਨੂੰ, ਸਬ ਕੁਝ ਹੀ ਇਕ ਝੂਠ ਪਿਟਾਰਾ ਲੱਗਦਾ ਏ। ਮਨ ਦਾ ਜੋਗੀ ਜਦ ਦੁੱਖਾਂ ਵਿਚ ਘਿਰ ਜਾਵੇ, ਮਹਿਲਾਂ ਵਰਗਾ ਘਰ ਵੀ ਢਾਰਾ ਲੱਗਦਾ ਏ।